ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅੱਜ 5 ਤਖ਼ਤਾ ਦੇ ਜਥੇਦਾਰ ਸਾਹਿਬਾਨ ਨੇ ਮੀਟਿੰਗ ਕੀਤੀ ਤੇ ਇਸ ਇਕੱਤਰਤਾ ਵਿਚ ਸ਼੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਤੇ ਤਖਤ ਸ੍ਰੀ ਹਜੂਰ ਸਾਹਿਬ ਤੋਂ ਭਾਈ ਰਾਮ ਸਿੰਘ ਸ਼ਾਮਲ ਹੋਏ। ਮੀਟਿੰਗ ਤੋ ਬਾਅਦ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਇੰਦੌਰ ਦੀ ਕਰਵਾਈ ਜਾਣ ਵਾਲੀ ਚੋਣ ਪ੍ਰਕਿਰਿਆ ਵਿਚ ਵਿਘਨ ਪਾਉਣ ਦੇ ਦੋਸ਼ ਵਿਚ ਜਗਜੀਤ ਸਿੰਘ (ਸੁਗਾ ਨਾਮਜਦ ਮੈਂਬਰ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਇੰਦੌਰ, ਮੱਧਪ੍ਰਦੇਸ਼ ਨੂੰ ਵਾਰ-ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜਰ ਹੋਣ ਲਈ ਬੁਲਾਇਆ ਗਿਆ। ਪਰ ਹਰ ਵਾਰ ਇਹ ਆਨਾਕਾਨੀ ਕਰਕੇ ਹਾਜਰ ਨਹੀਂ ਹੋਇਆ। ਜਿਸ ‘ਤੇ ਪੰਜ ਸਿੰਘ ਸਾਹਿਬਾਨ ਵੱਲੋਂ ਇਸ ਦੀ ਪ੍ਰਬੰਧਕ ਕਮੇਟੀ ਵਿਚੋਂ ਮੈਂਬਰਸ਼ਿਪ ਖਾਰਜ ਕੀਤੀ ਜਾਂਦੀ ਹੈ। ਤੇ ਸੰਗਤਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿਨ੍ਹੀ ਦੇਰ ਤਕ ਜਗਜੀਤ ਸਿੰਘ ਗੁਰਦੁਆਰਾ ਚੋਣ ਸਬੰਧੀ ਕੀਤੇ ਕੇਸ ਵਾਪਸ ਨਹੀਂ ਲੈਂਦਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣੀ ਭੁੱਲ ਨਹੀਂ ਬਖਸ਼ਾਉਂਦਾ ਉਨ੍ਹੀ ਦੇਰ ਤਕ ਸੰਗਤਾਂ ਇਸ ਨੂੰ ਮੂੰਹ ਨਾ ਲਗਾਉਣ।
ਗੁਰਦੁਆਰਾ ਕਲਗੀਧਰ ਸਾਹਿਬ, ਕੈਨਾਲ ਕਲੋਨੀ, ਮੁਲਤਾਨੀਆਂ ਰੋਡ, ਬਠਿੰਡਾ ਵਿਖੇ ਦੋ ਲੜਕੀਆਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਲਾਵਾਂ ਕਰਵਾ ਕੇ ਸਮਲਿੰਗੀ ਵਿਆਹ (ਆਨੰਦ ਕਾਰਜ) ਕਰਵਾਉਣ ਸਬੰਧੀ ਕੇਸ ਵਿਚ ਇਹ ਫੈਸਲਾ ਹੋਇਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਦਾ ਲਈ ਪ੍ਰਬੰਧ ਚਲਾਉਣ ਵਿਚ ਅਯੋਗ ਕਰਾਰ ਕੀਤਾ ਜਾਂਦਾ ਹੈ। ਇਹ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿਚ ਨਹੀਂ ਆਉਣਗੇ। ਸੰਗਤਾਂ ਜਲਦ ਹੀ ਨਵੀਂ ਅੰਮ੍ਰਿਤਧਾਰੀ ਪ੍ਰਬੰਧਕ ਕਮੇਟੀ ਦੀ ਚੋਣ ਕਰਨ ਅਤੇ ਮੁੱਖ ਗ੍ਰੰਥੀ ਹਰਦੇਵ ਸਿੰਘ, ਗ੍ਰੰਥੀ ਅਜੈਬ ਸਿੰਘ, ਰਾਗੀ ਸਿਕੰਦਰ ਸਿੰਘ, ਤਬਲਾ ਵਾਦਕ ਸਤਨਾਮ ਸਿੰਘ ਨੂੰ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਕਰਨ ਦੇ ਦੋਸ਼ ਵਜੋਂ ਪੰਜ ਸਾਲ ਲਈ ਬਲੈਕ ਲਿਸਟ ਕੀਤਾ ਜਾਂਦਾ ਹੈ। ਇਹ ਕਿਸੇ ਵੀ ਗੁਰਦੁਆਰਾ ਸਾਹਿਬਾਨ ਅਤੇ ਧਾਰਮਿਕ ਸਮਾਗਮਾਂ ‘ਚ ਡਿਊਟੀ ਨਹੀਂ ਕਰਨਗੇ। ਗੁਰਦੁਆਰਾ ਸਿੰਘ ਸਭਾ, ਮਿਆਣੀ ਰੋਡ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੇਸ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਾਰ-ਵਾਰ ਬੁਲਾਉਣ ‘ਤੇ ਹਾਜਰ ਨਹੀਂ ਹੋਈ। ਜਿਸ ‘ਤੇ ਪੰਜ ਸਿੰਘ ਸਾਹਿਬਾਨ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ, ਮੀਤ ਪ੍ਰਧਾਨ, ਜੋਗਿੰਦਰ ਸਿੰਘ ਅਤੇ ਸਕੱਤਰ ਕਮਲਪ੍ਰੀਤ ਸਿੰਘ ਨੂੰ ਪ੍ਰਬੰਧ ਚਲਾਉਣ ਵਿਚ ਅਯੋਗ ਕਰਾਰ ਕੀਤਾ ਹੈ।
ਸਮੂਹ ਸੰਗਤਾਂ ਨੂੰ ਆਦੇਸ਼ ਹੈ ਕਿ ਇਨ੍ਹਾਂ ਨੂੰ ਕੋਈ ਮੂੰਹ ਨਾ ਲਗਾਵੇ। ਦਰਸ਼ਨ ਸਿੰਘ ਗੁਮਟਾਲੇ ਦੇ ਕੇਸ ਵਿਚ ਪੰਜ ਸਿੰਘ ਸਾਹਿਬਾਨ ਨੇ ਫੈਸਲਾ ਕੀਤਾ ਕਿ ਇਹ ਵਿਅਕਤੀ ਪੰਜ ਸਿੰਘ ਸਾਹਿਬਾਨ ਦੀ ਹਾਜਰੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸੰਗਤ ਵਿਚ ਖਲੋ ਕੋ ਆਪਣੇ ਕੀਤੇ ਬੱਜਰ ਗੁਨਾਹ ਕਬੂਲੇ ਤੇ ਗੁਰੂ ਪੰਥ, ਗੁਰੂ ਗ੍ਰੰਥ ਤੇ ਸੰਗਤ ਪਾਸੋਂ ਮੁਆਫੀ ਮੰਗੇ। ਜਿਨ੍ਹਾਂ ਚਿਰ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋ ਕੇ ਪੰਜ ਸਿੰਘ ਸਾਹਿਬਾਨ ਦੀ ਹਾਜਰੀ ਵਿਚ ਸੰਗਤ ਸਾਹਮਣੇ ਮੁਆਫੀ ਨਹੀਂ ਮੰਗਦਾ। ਉਨ੍ਹਾਂ ਚਿਰ ਇਹ ਕਥਾ-ਕੀਰਤਨ ਕਰਨ ਦਾ ਅਧਿਕਾਰੀ ਨਹੀਂ ਅਤੇ ਨਾ ਹੀ ਸੰਗਤ ਇਸ ਨੂੰ ਮੂੰਹ ਲਗਾਵੇ ਤੇ ਇਸ ਨਾਲ ਹਰ ਪੱਖ ਤੋਂ ਕੋਈ ਸਾਂਝ ਨਾ ਰੱਖੀ ਜਾਵੇ। ਜੇਕਰ ਇਹ ਕਥਾ-ਕੀਰਤਨ ਕਰਦਾ ਸਾਹਮਣੇ ਆਇਆ ਤਾਂ ਇਸ ਦੇ ਖਿਲਾਫ ਮਰਯਾਦਾ ਮੁਤਾਬਿਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਆਪਣੇ ਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ ਅਧਿਕਾਰੀ ਵੀ ਨਹੀਂ ਹੈ । ਓਹਨਾ ਅੱਗੇ ਕਿਹਾ ਕਿ ਸੰਗਤਾਂ ਵੱਲੋਂ ਪੁੱਜੀਆਂ ਸ਼ਿਕਾਇਤਾਂ ਅਨੁਸਾਰ ਕੁਝ ਵਿਅਕਤੀ ਮਰਯਾਦਾ ਦੀ ਉਲੰਘਣਾ ਕਰਦਿਆ ਸਮੁੰਦਰਾਂ ਦੇ ਕੰਢੇ ਬੀਚਾਂ/ਰਿਜ਼ੋਰਟਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ (ਵਿਆਹ) ਕਰਦੇ ਹਨ। ਜਿਸ ’ਤੇ ਪੰਜ ਸਿੰਘ ਸਾਹਿਬਾਨ ਨੇ ਫੈਸਲਾ ਕਰਕੇ ਸਮੁੰਦਰਾਂ ਦੇ ਕੰਢੇ ਬੀਚਾਂ, ਰਿਜ਼ੋਰਟਾਂ ਆਦਿ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ (ਡੈਸਟੀਨੇਸ਼ਨ ਵੈਡਿੰਗ) ਕਰਨ ‘ਤੇ ਰੋਕ ਲਗਾਈ ਹੈ।
Disclaimer: All news on Encounter India are computer generated and provided by third party sources, so read carefully and Encounter India will not be responsible for any issue.